Dev Kuraiwala (ਦੇਵ ਕੁਰਾਈਵਾਲਾ)
ਉਹ ਜਾਨੂੰਨੀ ਘੁਮੱਕੜ ਹੈ, ਸਾਰੇ ਜਾਣਦੇ ਹਨ ਕਿਉਂਕਿ ਯੂਟਿਊਬ ਰਾਹੀਂ ਉਸ ਦੀ ਖ਼ੂਬ ਚਰਚਾ ਹੁੰਦੀ ਰਹਿੰਦੀ ਹੈ। ਸੋਸ਼ਲ ਮੀਡੀਆ ਦੇ ਯੁਗ ਵਿੱਚ ਅਜਿਹੀ ਪ੍ਰਸਿੱਧੀ ਦੀ ਅਹਿਮੀਅਤ ਵੀ ਘੱਟ ਨਹੀਂ ਪਰ ਮੇਰੇ ਲਈ ਉਸ ਦੀ ਵਡੱਤਣ ਇੱਕ ਹੋਰ ਵਜ੍ਹਾ ਕਰਕੇ ਹੈ। ਉਸਦੇ ਸਫ਼ਰਨਾਮੇ ਨੂੰ ਪੜ੍ਹ ਕੇ ਮੈਨੂੰ ਮਹਿਸੂਸ ਹੋਇਆ ਕਿ ਪੰਜਾਬੀ ਵਾਰਤਕ ਨੂੰ ਇੱਕ ਹੋਰ ਸ਼ੈਲੀਕਾਰ ਲੇਖਕ ਮਿਲ਼ ਗਿਆ ਹੈ। ਇਹ ਗੱਲ ਦੁਹਰਾਉਣਾ ਚਾਹੁੰਦਾ ਹਾਂ ਕਿ ਪੰਜਾਬੀ ਵਿੱਚ ਲੇਖਕ ਤਾਂ ਬਥੇਰੇ ਹਨ ਪਰ ਸ਼ੈਲੀਕਾਰ ਉਂਗਲਾਂ ਦੇ ਪੋਟਿਆਂ ਉਤੇ ਗਿਣੇ ਜਾਣ ਵਾਲ਼ੇ ਹਨ।
ਉਸ ਕੋਲ਼ ਮੂਲੋਂ ਨਵਾਂ ਅਤੇ ਪ੍ਰਮਾਣਿਕ ਅਨੁਭਵ ਹੈ ਕਿਉਂਕਿ ਜਿਹੜੇ ਟਰੈਕ ਜਾਂ ਰਾਹ ਉਸ ਨੇ ਗਾਹੇ ਹਨ ਉਹ ਅਜੇ ਮਨਮੋਹਨ ਬਾਵਾ ਜਿਹੇ ਵਿਰਲੇ ਪੰਜਾਬੀਆਂ ਨੇ ਵੇਖੇ ਮਾਣੇ ਹਨ।ਉਸ ਤੋਂ ਵੀ ਵੱਡੀ ਗੱਲ ਹੈ ਕਿ ਉਸ ਨੂੰ ਹੱਡੀਂ ਹੰਢਾਏ ਅਨੁਭਵ ਦਾ ਬਿਆਨ ਕਰਨਾ ਆਉਂਦਾ ਹੈ।ਉਸ ਦੀ ਖ਼ੁਰਦਬੀਨੀ ਅੱਖ ਨਿੱਕੇ ਤੋਂ ਨਿੱਕੇ ਵੇਰਵੇ ਨੂੰ ਨਿਹਾਰਣ ਅਤੇ ਮਾਣਨ ਦਾ ਹੁਨਰ ਜਾਣਦੀ ਹੈ। ਨਵੇਂ ਨਕੋਰ ਬਿੰਬਾਂ ਪ੍ਰਤੀਕਾਂ ਰਾਹੀਂ ਉਸ ਨੂੰ ਗੱਲ ਮਟਕਾਉਣੀ ਆਉਂਦੀ ਹੈ।ਮਿਸਾਲ ਵੇਖੋ , "ਪਹਾੜਾਂ ਦੀਆਂ ਖੁੰਘਰਾਂ ਵਿਚ ਬਰਫ਼ ਦੇ ਗਲੇਸ਼ੀਅਰ ਏਦਾਂ ਝਾਕ ਰਹੇ ਸਨ ਜਿਵੇਂ ਨਰਮੇ ਦੇ ਛੌਰਾਂ ਵਿਚੋਂ ਖਿੜੇ ਹੋਏ ਨਰਮੇ ਦੇ ਫੁੱਟ ਝਾਕਦੇ ਹਨ।"
ਗੱਲ ਦਸਦਿਆਂ ਦਸਦਿਆਂ ਉਹ ਸੁਭਾਵਿਕ ਹੀ ਬੰਦੇ ਦੇ ਅਸਤਿੱਤਵ ਦੀਆਂ ਰਮਜ਼ਾਂ ਦੱਸਣ ਲੱਗ ਜਾਂਦਾ ਹੈ ਤਾਂ ਉਸਦੀ ਫ਼ਲਸਫਾਨਾ ਸੋਚ ਅਚੰਭਿਤ ਕਰਨ ਲਗਦੀ ਹੈ।ਉਹ ਲਿਖਦਾ ਹੈ,"ਜਿੰਨ੍ਹਾਂ ਨੂੰ ਰਾਹ ਲੱਭ ਜਾਂਦੇ ਨੇ ਮਸਤ ਹੋ ਦਰਿਆ ਬਣ ਵਗਦੇ ਜਾਂਦੇ ਨੇ।"
ਬਹੁਤ ਕੁਝ ਹੈ ਸਫ਼ਰਨਾਮੇ ਵਿੱਚ, ਮੈਂ ਸ਼ਾਇਦ ਹੀ ਕਦੇ ਕੋਈ ਲਿਖਤ ਇਉਂ ਲਕੀਰੀ ਹੋਵੇ। ਨਿੱਜੀ ਮਾਣ ਵਾਲ਼ੀ ਗੱਲ ਕਿ ਦੇਵ ਕੁਰਾਈਵਾਲਾ ਮੇਰਾ ਗਰਾਈਂ ਹੈ, ਜੇਠੇ ਪੁੱਤਾਂ ਜਾਂ ਛੋਟੇ ਭਰਾਵਾਂ ਜੇਹਾ ਹੈ, ਪੰਜਾਬੀ ਬੋਲੀ ਦਾ ਵੀ ਹੀਰਾ ਪੁੱਤ ਭਰਾ ਸਾਬਿਤ ਹੋਏਗਾ,ਇਹ ਮੇਰਾ ਵਿਸ਼ਵਾਸ ਹੈ।
ਪੰਜਾਬੀ ਸਫ਼ਰਨਾਮੇ ਨੂੰ ਉਸਨੇ ਨਵਾਂ ਮੋੜ ਦਿੱਤਾ ਹੈ।