ਭਲਾਂ; ਕਦੇ ਦਿਨ ਉਗਣੋ ਰਹਿ ਸਕਦਾ; ਜਾਂ ਕਦੇ ਇੰਝ ਹੋਇਆ ਹੋਵੇ ਕਿ ਸ਼ਾਮ ਤੋਂ ਬਾਅਦ ਰਾਤ ਨਾ ਹੋਈ ਹੋਵੇ.. ਕਦੇ ਹੋਇਆ ਕਿ ਬੱਦਲਾਂ ਨੇ ਵਰਖਾ ਤੋਂ ਮੂੰਹ ਮੋੜਿਆ ਹੋਵੇ.. ਹਵਾ ਕਦੋਂ ਬਿਲਕੁਲ ਸੁੰਨ ਹੋਕੇ ਦਿਨਾਂ ਤਕ ਨਾ ਵਗੀ ਹੋਵੇ... ਸਭ ਕੁਝ ਅਨੰਤ ਹੈ.. ਬਿਲਕੁਲ ਇੰਝ ਹੀ ਕਦੇ ਹੋ ਸਕਦਾ ਮੈਂ ਤੈਨੂੰ ਮੋਹ ਕਰਨਾ ਛੱਡ ਦੇਵਾਂ... ਜਵਾਬ ਸਵਾਲ ਚ ਹੀ ਏ...
ਮੋਹਬੱਤ ਕੁਦਰਤ ਦੀ ਬਣਾਈ ਕੋਈ ਰੁੱਤ ਹੈ ... ਇਸ਼ਕ ਪਿਆਰ, ਮੋਹ, ਮੋਹਬੱਤ ਸਾਰੇ ਆਪਸ ਵਿਚ ਭੈਣ ਭਾਈ.. ਆਪਾਂ ਕੁਦਰਤ ਦੀ ਇਸ ਰੁੱਤ ਚ ਉੱਡਦੇ ਪਰਿੰਦੇ... ਕਦੇ ਇਸ ਟਾਹਣੀ ਕਦੇ ਓਸ ਟਾਹਣੀ.. ਸਾਰੀ ਧਰਤੀ ਆਪਣੀ ਏ.. ਖੰਭ ਦੀ ਉਡਾਰ, ਧਰਤੀ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਦਾ ਮਾਪ ਲੈ ਲੈਂਦੀ ਹੈ...
ਆਪਾਂ ਕੀ ਕਰਦੇ ਆ... ਕੋਈ ਇਸ਼ਕ ਕਰਦਾ.. ਕੋਈ ਮੋਹ ਕਰਦਾ.. ਕੋਈ ਪਿਆਰ ਕਰਦਾ.. ਕੋਈ ਮੋਹਬੱਤ... ਸਭ ਦਾ ਆਪੋ ਆਪਣਾ ਰੰਗ... ਕੋਈ ਗੂੜ੍ਹਾ ਏ ਕੋਈ ਫਿੱਕਾ.. ਕਿਸੇ ਨੂੰ ਅਸਮਾਨੀ ਦਾ ਚਾਅ ਕਿਸੇ ਨੂੰ ਹਲਕੇ ਫਿੱਕੇ ਹਰੇ ਦਾ.. ਤੈਨੂੰ ਕੀ ਪਸੰਦ ਮੈਨੂੰ ਪਤਾ... ਤੇ ਮੈਨੂੰ ਕੀ; ਸਭ ਕੁਝ ਇੱਕੋ ਹੈ... ਕਦੇ ਕਦੇ ਖਿਆਲ ਆਉਂਦਾ..ਤੂੰ ਮੈਂ ਆ, ਮੈਂ ਤੂੰ... ਕੁਦਰਤ ਇਸ ਇਸ ਰੁੱਤ ਨੂੰ ਮਾਣਦੇ.. ਮੈਂ ਤੈਨੂੰ ਕੀ ਕਰਦਾ ਮੈਂ ਜਾਣਦਾ.. ਤੂੰ ਮੈਨੂੰ ਕੀ ਕਰਦੀ ਮੈਂ ਜਾਣਦਾ; ਦੋਵੇਂ ਇਸ ਮੈਂ ਚ ਆ ਗਏ.. ਇਸੇ ਲਈ ਇਹ ਅੱਖਰ ਪਸੰਦ ਏ. ਇਸੇ ਮ ਨਾਲ ਬਣਦਾ ਮੋਹ... ਜਿਸਦਾ ਰੰਗ ਸਭ ਤੋਂ ਪਿਆਰਾ.. ਹਲਕਾ ਫਿੱਕਾ ਪਰ ਜ਼ੋਰਦਾਰ ਕੰਟ੍ਰਾਸਟ ਨਾਲ.. ਧਰਤੀ ਦੇ ਕਿਸੇ ਕੋਨੇ ਤੋਂ ਤੇਨੂੰ ਯਾਦ ਕਰਦਿਆਂ...